ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਨੇ ਹੈਰੋਇਨ ਤਸਕਰੀ ਦੇ ਅੰਤਰਰਾਸ਼ਟਰੀ ਗਿਰੋਹ ਦਾ ਕੀਤਾ ਪਰਦਾਫਾਸ਼ ਪਾਕਿਸਤਾਨ ਨਾਲ ਜੁੜੀਆਂ ਤਾਰਾਂ, ਦਿੱਲੀ, ਮੁੰਬਈ ਅਤੇ ਰਾਜਸਥਾਨ 'ਚ ਕਰਦੇ ਸਨ ਤਸਕਰੀ

Gurjeet Singh

5

June

2015

ਫ਼ਾਜ਼ਿਲਕਾ, 04 ਜੂਨ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇਕ ਅੰਤਰਰਾਸ਼ਟਰੀ ਹੈਰੋਇਨ ਸਮਗਲਿੰਗ ਗਿਰੋਹ ਦੇ ਪੰਜ ਮੈਂਬਰਾਂ ਨੂੰ 5 ਕਿੱਲੋ ਹੈਰੋਇਨ ਸਮੇਤ ਪਕੜਿਆ ਹੈ। ਜਿਨ੍ਹਾਂ ਦੇ ਸਬੰਧ ਪਾਕਿਸਤਾਨ ਵਿਚ ਬੈਠੇ ਨਸ਼ੇ ਦੇ ਸੌਦਾਗਰਾਂ ਨਾਲ ਜੁੜੇ ਹੋਏ ਹਨ। ਫ਼ਾਜ਼ਿਲਕਾ ਵਿਖੇ ਸੱਦੀ ਪ੍ਰੈੱਸ ਕਾਨਫ਼ਰੰਸ ਵਿਚ ਬਠਿੰਡਾ ਜ਼ੋਨ ਦੇ ਆਈ.ਜੀ. ਸ. ਪਰਮਰਾਜ ਸਿੰਘ ਉਮਰਾਨੰਗਲ ਆਈ.ਪੀ.ਐੱਸ., ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਸ. ਅਮਰ ਸਿੰਘ ਚਾਹਲ ਆਈ.ਪੀ.ਐੱਸ ਅਤੇ ਐੱਸ.ਐੱਸ.ਪੀ. ਫ਼ਾਜ਼ਿਲਕਾ ਸ੍ਰੀ ਸਵਪਨ ਸ਼ਰਮਾ ਆਈ.ਪੀ.ਐੱਸ ਨੇ ਦੱਸਿਆ ਕਿ 18 ਫ਼ਰਵਰੀ 2015 ਨੂੰ ਕਾਉਟਰ ਇੰਟੈਲੀਜੈਂਸੀ ਫ਼ਿਰੋਜਪੁਰ ਦੀ ਟੀਮ ਨੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਹਸਤਾ ਕਲਾਂ ਕੋਲੋਂ ਕਾਰ ਸਵਾਰਾਂ ਤੋਂ 25 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ। ਉਸ ਸਮੇਂ ਕੁੱਝ ਨੌਜਵਾਨ ਕਾਬੂ ਆ ਗਏ ਸਨ, ਜਦੋਂ ਕਿ ਜੋਗਿੰਦਰ ਸਿੰਘ ਉਰਫ਼ ਜੀਤਾ ਉਰਫ਼ ਸ਼ੰਮੀ ਪੁੱਤਰ ਲਾਲ ਸਿੰਘ ਵਾਸੀ ਝੁੱਗੇ ਕਾਲੂ ਵਾਲਾ ਥਾਣਾ ਸਦਰ ਫ਼ਿਰੋਜ਼ਪੁਰ, ਬਲਦੇਵ ਸਿੰਘ ਉਰਫ਼ ਦੇਬੂ ਪੁੱਤਰ ਭਗਵਾਨ ਸਿੰਘ ਵਾਸੀ ਝੁੱਗੇ ਕਾਲੂ ਵਾਲਾ ਥਾਣਾ ਸਦਰ ਫ਼ਿਰੋਜ਼ਪੁਰ ਅਤੇ ਰਿੰਕੂ ਪੁੱਤਰ ਲੇਖ ਸਿੰਘ ਵਾਸੀ ਢੋਲਾ ਭੈਣੀ ਥਾਣਾ ਸਦਰ ਫ਼ਾਜ਼ਿਲਕਾ ਭੱਜਣ ਵਿਚ ਕਾਮਯਾਬ ਹੋ ਗਏ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਖਿਲਾਫ 18 ਫ਼ਰਵਰੀ 2015 ਨੂੰ ਥਾਣਾ ਸਦਰ ਪੁਲਿਸ ਫ਼ਾਜ਼ਿਲਕਾ ਵਿਖੇ ਐਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਤਫ਼ਤੀਸ਼ ਬਾਅਦ ਵਿਚ ਸੀ.ਆਈ.ਏ. ਸਟਾਫ਼ ਫ਼ਾਜ਼ਿਲਕਾ ਨੂੰ ਦਿੱਤੀ ਗਈ। ਇਸ ਦੀ ਜਾਂਚ ਕਰਦਿਆਂ ਜ਼ਿਲ੍ਹਾ ਸੀ.ਆਈ.ਏ ਸਟਾਫ਼ ਦੇ ਇੰਚਾਰਜ ਰਾਜਿੰਦਰ ਕੁਮਾਰ ਨੇ ਬਲਵੰਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਰਾਵਲਾ ਜ਼ਿਲ੍ਹਾ ਗੰਗਾਨਗਰ, ਸੋਨੂੰ ਪੁੱਤਰ ਲਾਲ ਸਿੰਘ ਵਾਸੀ ਨਿਹਾਲੇ ਵਾਲਾ ਥਾਣਾ ਸਦਰ ਫ਼ਿਰੋਜ਼ਪੁਰ, ਜਰਨੈਲ ਸਿੰਘ ਉਰਫ਼ ਜ਼ੈਲਾਂ ਪੁੱਤਰ ਸੰਤਾ ਸਿੰਘ ਕੌਮ ਜੱਟ ਸਿੰਘ ਵਾਸੀ ਝੁੱਗੀਆਂ ਨੱਥਾ ਸਿੰਘ ਥਾਣਾ ਪੱਟੀ, ਗੁਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਕੌਮ ਜੱਟ ਸਿੱਖ ਵਾਸੀ ਝੁੱਗੀਆਂ ਨੱਥਾ ਸਿੰਘ ਥਾਣਾ ਪੱਟੀ ਜ਼ਿਲ੍ਹਾ ਤਰਨਤਾਰਨ ਨੂੰ ਇਸ ਮੁਕੱਦਮੇ ਵਿਚ ਨਾਮਜ਼ਦ ਕਰਕੇ 1 ਜੂਨ 2015 ਨੂੰ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ ਬੱਸ ਅੱਡਾ ਰਾਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 2 ਜੂਨ ਨੂੰ ਉਕਤ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਸੀ.ਆਈ.ਏ. ਸਟਾਫ਼ ਵੱਲੋਂ ਕਥਿਤ ਦੋਸ਼ੀਆਂ ਦੀ ਪੁੱਛਗਿੱਛ ਕਰਨ 'ਤੇ ਪਕੜੇ ਗਏ ਬਲਵੰਤ ਸਿੰਘ, ਬਲਦੇਵ ਸਿੰਘ ਉਰਫ਼ ਦੇਬੂ ਅਤੇ ਸੋਨੂੰ ਸਿੰਘ ਨੇ ਮੰਨਿਆ ਕਿ ਕਰੀਬ ਤਿੰਨ ਮਹੀਨੇ ਪਹਿਲਾ ਉਹ ਰਾਜਸਥਾਨ ਦੇ ਪਿੰਡ ਚੱਕ 26 ਐਮ.ਬੀ. ਤਹਿਸੀਲ ਘੜਸਾਨਾ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਬਾਰਡਰ ਤੋਂ 5 ਕਿੱਲੋ ਹੈਰੋਇਨ ਲੈ ਕੇ ਆਏ ਸਨ, ਪਰ ਪੰਜਾਬ ਵਿਚ ਸਖ਼ਤੀ ਹੋਣ ਕਾਰਨ ਬਲਵੰਤ ਸਿੰਘ ਨੇ ਦੋ ਕਿੱਲੋ, ਬਲਦੇਵ ਸਿੰਘ ਉਰਫ਼ ਦੇਬੂ ਨੇ 2 ਕਿੱਲੋ ਅਤੇ ਸੋਨੂੰ ਸਿੰਘ ਨੇ ਇਕ ਕਿੱਲੋ ਹੈਰੋਇਨ ਸਾਧੂ ਵਾਲਾ ਨੇੜੇ ਬੀਕਾਨੇਰ ਨਹਿਰ ਦੇ ਕਿਨਾਰੇ ਬੇਆਬਾਦ ਝਾੜੀਆਂ ਵਿਚ ਦਬਾ ਦਿੱਤੀ। ਉਨ੍ਹਾਂ ਮੰਨਿਆ ਕਿ ਇਹ ਹੈਰੋਇਨ ਦਿੱਲੀ ਅਤੇ ਮੁੰਬਈ ਲੈ ਕੇ ਜਾਣਾ ਚਾਹੁੰਦੇ ਸਨ, ਜੋ ਉੱਥੇ ਇਸ ਖੇਪ ਨੂੰ ਵੇਚਦੇ ਹਨ, ਉਹ ਕਈ ਵਾਰ ਦਿੱਲੀ ਅਤੇ ਮੁੰਬਈ ਵਿਖੇ ਆਪਣੇ ਗ੍ਰਾਹਕਾਂ ਨੂੰ ਵੇਚਦੇ ਰਹਿੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੰਮ ਵਿਚ ਅਨਪੜ੍ਹ ਅਤੇ ਗਰੀਬ ਬੇਰੁਜ਼ਗਾਰ ਵਿਅਕਤੀਆਂ ਨੂੰ ਲਾਲਚ ਦੇ ਕੇ ਸ਼ਾਮਲ ਕਰ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਨਾਲ ਲਗਦੇ ਬਾਰਡਰ ਪਾਸੋਂ ਆਉਣ ਵਾਲੀ ਹੈਰੋਇਨ ਦੀ ਤਸਕਰੀ ਬਲਵੰਤ ਸਿੰਘ ਕਰਦਾ ਹੈ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਫ਼ਿਰੋਜ਼ਪੁਰ ਦੀ ਪਾਕਿਸਤਾਨ ਨਾਲ ਲਗਦੀ ਸਰਹੱਦ ਤੇ ਹੈਰੋਇਨ ਦੀ ਤਸਕਰੀ ਦਾ ਕੰਮ ਬਲਦੇਵ ਸਿੰਘ ਉਰਫ਼ ਦੇਬੂ, ਜੋਗਿੰਦਰ ਸਿੰਘ ਅਤੇ ਸੋਨੂੰ ਸਿੰਘ ਨੂੰ ਸੌਂਪਿਆ ਹੋਇਆ ਸੀ। ਜਰਨੈਲ ਸਿੰਘ ਅਤੇ ਗੁਰਵਿੰਦਰ ਸਿੰਘ ਜੋ ਕਿ ਪਿਉ ਪੁੱਤਰ ਹਨ, ਰਿੰਕੂ ਵਾਸੀ ਢੋਲਾ ਭੈਣੀ ਅਤੇ ਇਕ ਹੋਰ ਨੌਜਵਾਨ ਸੋਨੂੰ ਜੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਹੈ, ਇਸ ਕੰਮ ਵਿਚ ਇਨ੍ਹਾਂ ਦੀ ਮਦਦ ਕਰਦੇ ਸਨ। ਇਨ੍ਹਾਂ ਵਿਚੋਂ ਰਿੰਕੂ ਵਾਸੀ ਢੋਲਾ ਭੈਣੀ ਅਤੇ ਸੋਨੂੂੰ ਅੰਮ੍ਰਿਤਸਰ ਫ਼ਰਾਰ ਹਨ। ਉਨ੍ਹਾਂ ਦੱਸਿਆ ਕਿ ਇਹ ਗੈਂਗ ਪੰਜਾਬ ਅਤੇ ਰਾਜਸਥਾਨ ਦੀਆਂ ਸਰਹੱਦਾਂ ਤੋਂ ਹੈਰੋਇਨ ਕਰਾਸ ਕਰਵਾਉਂਦਾ ਸੀ, ਇਸ ਗੈਂਗ ਦੇ ਸਬੰਧ ਪਾਕਿਸਤਾਨ ਵਿਚ ਬੈਠੇ ਅਹਿਮਦੀ ਨਾਂਅ ਦੇ ਵਿਅਕਤੀ ਨਾਲ ਹਨ। ਜੋ ਟੈਲੀਫ਼ੋਨ 'ਤੇ ਆਪਸ ਵਿਚ ਇਨ੍ਹਾਂ ਨਾਲ ਗੱਲਬਾਤ ਕਰਦੇ ਰਾਤ ਸਮੇਂ ਤਸਕਰੀ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਗੈਂਗ ਦੇ ਕੁੱਝ ਸਾਥੀਆਂ ਦੇ ਫੜੇ ਜਾਣ 'ਤੇ ਇਨ੍ਹਾਂ ਪਾਸੋਂ ਪਾਕਿਸਤਾਨੀ ਮੋਬਾਈਲ ਸਿੰਮ ਬਰਾਮਦ ਹੋ ਚੁੱਕੇ ਹਨ। ਆਈ.ਜੀ. ਸ. ਉਮਰਾਨੰਗਲ ਨੇ ਦੱਸਿਆ ਕਿ ਬਲਵੰਤ ਸਿੰਘ ਜਿਸ ਤੇ 21 ਕਿੱਲੋ ਹੈਰੋਇਨ ਦੀ ਖੇਪ ਦਾ ਮਾਮਲਾ ਰਾਜਸਥਾਨ ਸ੍ਰੀ ਗੰਗਾਨਗਰ ਵਿਖੇ ਏ.ਕੇ. 47 ਅਸਾਲਟ, 1 ਮਾਮਲਾ ਸ੍ਰੀ ਗੰਗਾਨਗਰ ਵਿਖੇ ਹੋਰ 315 ਬੋਰ ਦੇਸੀ ਕੱਟਾ, 1 ਮਾਮਲਾ ਛੱਤਰਗੜ੍ਹ ਜ਼ਿਲ੍ਹਾ ਬੀਕਾਨੇਰ ਵਿਖੇ ਚੋਰੀ ਦਾ ਆਦਿ ਦਰਜ ਹੈ। ਉਨ੍ਹਾਂ ਦੱਸਿਆ ਕਿ ਪਕੜੇ ਗਏ ਸਾਰੇ ਨੌਜਵਾਨ 18-19 ਸਾਲ ਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਪਾਸੋਂ ਦਿੱਲੀ ਅਤੇ ਮੁੰਬਈ ਵਿਖੇ ਹੈਰੋਇਨ ਦੇਣ ਵਾਲੇ ਅੱਡਿਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
Tags:

More Leatest Stories