ਰਾਜਸਥਾਨ 'ਚ ਪੋਸਤ ਠੇਕਿਆਂ ਦੀ ਮਿਆਦ ਵਧਣ ਨਾਲ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਲੱਗੇਗਾ ਧੱਕਾ-ਅਮਲੀਆਂ ਤੇ ਪੁਲਸੀਆਂ ਦੀ ਸਾਲ ਭਰ ਰਹੇਗੀ 'ਕਾਟੋ ਫੁੱਲਾਂ 'ਤੇ'

Gurjeet Singh

27

February

2015

ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਰਾਜਸਥਾਨ ਸਰਕਾਰ ਵੱਲੋਂ ਸਾਲ 2015-16 ਲਈ ਡੋਡਾ-ਪੋਸਤ ਸੰਬੰਧੀ ਨਵੀਂ ਨੀਤੀ ਲਾਗੂ ਕਰਦਿਆਂ ਸੂਬਾ ਭਰ 'ਚ ਇੱਕ ਸਾਲ ਹੋਰ ਡੋਡਾ-ਪੋਸਤ ਦੀ ਵਿਕਰੀ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਨਾਲ ਜਿੱਥੇ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਧੱਕਾ ਲੱਗੇਗਾ ਉੱਥੇ ਪੰਜਾਬ ਭਰ 'ਚ ਡੋਡਾ-ਪੋਸਤ ਦਾ ਸੇਵਨ ਕਰਦੇ ਲੱਖਾਂ ਅਮਲੀਆਂ ਅਤੇ ਪੁਲਸੀਆਂ ਦੀ ਸਾਲ ਪਰ 'ਕਾਟੋ ਫੁੱਲਾਂ 'ਤੇ' ਰਹੇਗੀ | ਨਵੀਂ ਨੀਤੀ ਤਹਿਤ ਇਸ ਸਾਲ ਦੌਰਾਨ ਕਿਸੇ ਵੀ ਵਿਅਕਤੀ ਦਾ ਪੋਸਤ ਖ਼ਰੀਦਣ ਲਈ ਨਵਾਂ ਪਰਮਿਟ ਨਹੀਂ ਬਣਾਇਆ ਜਾਵੇਗਾ ਬਲਕਿ ਪਹਿਲਾਂ ਵਾਲੇ ਪਰਮਿਟਧਾਰੀਆਂ ਦੇ ਪਰਮਿਟਾਂ ਦੀ ਮਿਆਦ ਇੱਕ ਸਾਲ ਹੋਰ ਵਧਾ ਦਿੱਤੀ ਜਾਵੇਗੀ ਅਤੇ ਪੋਸਤ ਦੀ ਵਿਕਰੀ ਦਾ ਰੇਟ ਵੀ 500 ਰੁਪਏ ਪ੍ਰਤੀ ਕਿੱਲੋ ਤੈਅ ਕੀਤਾ ਗਿਆ ਹੈ ਜਦਕਿ ਸਰਕਾਰ ਕਿਸਾਨ ਤੋਂ 125 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਹੀ ਪੋਸਤ ਖ਼ਰੀਦੇਗੀ | ਇੱਥੇ ਇਹ ਵੀ ਦੱਸਣਯੋਗ ਕਿ ਕੇਂਦਰ ਸਰਕਾਰ ਦੇਸ਼ ਭਰ 'ਚ ਡੋਡਾ-ਪੋਸਤ ਦੀ ਵਿਕਰੀ ਬੰਦ ਕਰਨ ਲਈ ਯਤਨਸ਼ੀਲ ਹੈ ਜਿਸ ਕਾਰਨ ਆਉਂਦੀ 31 ਮਾਰਚ ਨੂੰ ਰਾਜਸਥਾਨ ਸਮੇਤ ਹੋਰ ਤਿੰਨ-ਚਾਰ ਰਾਜਾਂ 'ਚ ਪੋਸਤ ਦੀ ਵਿਕਰੀ ਬੰਦ ਕੀਤੀ ਜਾ ਰਹੀ ਸੀ ਪਰ ਰਾਜਸਥਾਨ ਸਰਕਾਰ ਨੇ ਡੋਡਾ-ਪੋਸਤ ਦੀ ਵਿਕਰੀ ਲਈ ਇੱਕ ਸਾਲ ਦਾ ਸਮਾਂ ਹੋਰ ਵਧਾ ਦਿੱਤਾ ਹੈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੀ ਹੱਦ ਰਾਜਸਥਾਨ ਦੇ ਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲਿ੍ਹਆਂ ਨਾਲ ਲੱਗਣ ਸਦਕਾ ਇਸ ਰਸਤਿਓਾ ਪੰਜਾਬ 'ਚ ਵੱਡੀ ਮਾਤਰਾ 'ਚ ਡੋਡਾ-ਪੋਸਤ ਦੀ ਆਮਦ ਹੁੰਦੀ ਹੈ ਅਤੇ ਹੱਦਾਂ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਲਈ ਵੀ ਡੋਡਾ-ਪੋਸਤ ਦੀ ਆਮਦ 'ਕਮਾਈ' ਦਾ ਇੱਕ ਵੱਡਾ ਸਾਧਨ ਹੈ | ਭਰੋਸੇਯੋਗ ਸੂਤਰਾਂ ਅਨੁਸਾਰ ਰਾਜਸਥਾਨ ਦੀਆਂ ਹੱਦਾਂ ਨਾਲ ਲੱਗਦੇ ਪੁਲਿਸ ਥਾਣਿਆਂ 'ਚ ਤਾਇਨਾਤ ਹੋਣ ਲਈ ਅਕਸਰ ਹੀ ਪੁਲਿਸ ਮੁਲਾਜ਼ਮ ਤੇ ਅਫ਼ਸਰ ਸੱਤਾਧਾਰੀ ਰਾਜਨੇਤਾਵਾਂ ਦੀ ਪਹੁੰਚ ਦਾ ਸਹਾਰਾ ਲੈਂਦੇ ਹਨ | ਸੂਬੇ ਅੰਦਰ ਨਸ਼ੇੜੀਆਂ ਦੀ ਵੱਧ ਰਹੀ ਗਿਣਤੀ ਪ੍ਰਤੀ ਗੰਭੀਰ ਕਈ ਵਿਅਕਤੀਆਂ ਦਾ ਕਹਿਣਾ ਹੈ ਕਿ ਰਾਜਸਥਾਨ ਸਰਕਾਰ ਵੱਲੋਂ ਪੋਸਤ-ਡੋਡਾ ਵਿਕਰੀ ਦੀ ਮਿਆਦ ਹੋਰ ਵਧਾਉਣ ਨਾਲ ਸੂਬਾ ਸਰਕਾਰ ਤੇ ਹੋਰ ਜਥੇਬੰਦੀਆਂ ਵੱਲੋਂ ਸੂਬੇ ਅੰਦਰ ਸ਼ੁਰੂ ਕੀਤੀਆਂ ਨਸ਼ਾ-ਵਿਰੋਧੀ ਮੁਹਿੰਮਾਂ ਨੂੰ ਧੱਕਾ ਲੱਗੇਗਾ ਕਿਉਂਕਿ ਰਾਜਸਥਾਨ 'ਚ ਡੋਡਾ-ਪੋਸਤ ਫ਼ਸਲ ਦੇ ਕੁੱਲ ਉਤਪਾਦਨ ਦਾ ਕਾਫ਼ੀ ਹਿੱਸਾ ਪੰਜਾਬ 'ਚ ਹੀ ਖਪਤ ਹੁੰਦਾ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਰਾਜਸਥਾਨ ਸਮੇਤ ਪੂਰੇ ਦੇਸ਼ 'ਚ ਡੋਡਾ-ਪੋਸਤ ਦੀ ਫ਼ਸਲ 'ਤੇ ਪਾਬੰਦੀ ਲਗਾਈ ਜਾਵੇ ਅਤੇ ਬਲਾਕ ਪੱਧਰ 'ਤੇ ਨਸ਼ਾ ਛੁਡਾਊ ਕੇਂਦਰ ਖੋਲ੍ਹ ਕੇ ਨਸ਼ੇ ਦੀ ਦਲਦਲ 'ਚ ਫਸੇ ਲੋਕਾਂ ਨੂੰ ਨਸ਼ੇ ਤੋਂ ਨਿਜਾਤ ਦਿਵਾਈ ਜਾਵੇ |
Tags:

More Leatest Stories